ਅੰਮ੍ਰਿਤਸਰ ਥਾਣਾ ਬੀ ਡਵਿਜ਼ਨ ਦੇ ਅਧੀਨ ਆਉਣ ਵਾਲੇ ਇਲਾਕੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਜੁੜੇ ਪ੍ਰਚਾਰ ਵਿਭਾਗ ਦੇ ਮੁਲਾਜ਼ਮ ਕਰਤਾਰ ਸਿੰਘ ਦੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਭੇਦਭਰੇ ਹਾਲਾਤਾਂ ਵਿੱਚ ਲਾਪਤਾ ਹੋਏ ਕਰਤਾਰ ਸਿੰਘ ਦੀ ਤਲਾਸ਼ ਵਿੱਚ SGPC ਅਤੇ ਉਸ ਦਾ ਪਰਿਵਾਰ ਲਗਾਤਾਰ ਜੁਟਿਆ ਹੋਇਆ ਹੈ।
SGPC ਦੇ ਧਰਮ ਪ੍ਰਚਾਰ ਸਕੱਤਰ ਵਿਜੇ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ, ਕਰਤਾਰ ਸਿੰਘ ਪਿਛਲੇ ਦੋ ਦਿਨਾਂ ਤੋਂ ਘਰ ਨਹੀਂ ਪਹੁੰਚੇ ਹਨ।
ਉਨ੍ਹਾਂ ਨੇ ਉਹਦੇ ਘਰ, ਰਿਸ਼ਤੇਦਾਰਾਂ ਕੋਲ ਜਾਂਚ ਕੀਤੀ, ਪਰ ਕੋਈ ਪਤਾ ਨਹੀਂ ਲੱਗਿਆ। ਉਨ੍ਹਾਂ ਦਾ ਸਕੂਟਰ ਨਹਿਰ ਕੋਲੋਂ ਮਿਲਿਆ ਹੈ, ਜਿਸ ਕਾਰਨ ਉਨ੍ਹਾਂ ਨੂੰ ਮਾਮਲੇ ਦੀ ਗੰਭੀਰਤਾ 'ਤੇ ਸ਼ੱਕ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਰਿਵਾਰ ਦੇ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਇਹ ਮਾਮਲਾ ਆਮ ਗਾਇਬੀ ਨਹੀਂ ਲੱਗਦਾ। ਜੇਕਰ ਇਹ ਮਾਮਲਾ ਕਿਸੇ ਸਾਜ਼ਿਸ਼ ਜਾਂ ਹਿੰਸਕ ਘਟਨਾ ਨਾਲ ਜੁੜਿਆ ਹੋਇਆ ਹੈ, ਤਾਂ ਪ੍ਰਸ਼ਾਸਨ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।
ਦੂਜੇ ਪਾਸੇ, ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਜਾਰੀ ਹੈ। ਥਾਣਾ ਬੀ ਡਵਿਜ਼ਨ ਦੇ ਪੁਲਿਸ ਅਧਿਕਾਰੀ ਸੁਖਬੀਰ ਸਿੰਘ ਨੇ ਦੱਸਿਆ ਕਿ ਸਾਨੂੰ ਵੀ ਪਰਿਵਾਰ ਵੱਲੋਂ ਦੋ ਦਿਨਾਂ ਤੋਂ ਕਰਤਾਰ ਸਿੰਘ ਦੇ ਗਾਇਬ ਹੋਣ ਦੀ ਸ਼ਿਕਾਇਤ ਮਿਲੀ ਸੀ। ਨਹਿਰ ਕੋਲੋਂ ਉਨ੍ਹਾਂ ਦੀ ਸਕੂਟਰ ਮਿਲੀ ਹੈ ਅਤੇ ਤਲਾਸ਼ ਜਾਰੀ ਹੈ। ਸਾਰੇ ਨਜ਼ਦੀਕੀ ਥਾਣਿਆਂ ਨੂੰ ਜਾਣਕਾਰੀ ਭੇਜੀ ਗਈ ਹੈ। ਪੁਲਿਸ ਨੇ ਕਿਹਾ ਕਿ ਉਹ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਅਤੇ ਸਾਰੇ ਸਬੂਤਾਂ ਦੇ ਆਧਾਰ 'ਤੇ ਅਗਲਾ ਕਦਮ ਚੁੱਕਿਆ ਜਾਵੇਗਾ।